1 ਹਜ਼ਰਤ ਮੁਹੰਮਦ(ਸ:) ਦੇ ਨਬੀ ਹੋਣ ਤੋਂ ਪਹਿਲਾਂ ਬਹੁਤੇ ਲੋਕ ਸ਼ਿਰਕ ਵਿਚ ਫਸੇ ਹੋਏ ਸਨ, ਬਹੁਤ ਹੀ ਘੱਟ ਲੋਕ ਤੌਹੀਦ (ਰੱਬ ਇਕ ਹੋਣ) ਤੋਂ ਜਾਣੂ ਸਨ। ਹਜ਼ਰਤ ਅਬਦੁੱਲਾ ਬਿਨ ਉਮਰ ਦਾ ਫ਼ਰਮਾਨ ਹੈ ਕਿ ਵਹੀ ਦੇ ਆਉਣ ਤੋਂ ਪਹਿਲਾਂ ਦਾ ਸਮਾਂ ਸੀ ਕਿ ਬਲਦਾਹ ਬਸਤੀ ਵਿਚ ਨਬੀ (ਸ:) ਦਾ ਸਾਹਮਣਾ ਜ਼ੈਦ ਬਿਨ ਉਮਰ ਬਿਨ ਨਫ਼ੀਲ ਨਾਲ ਹੋਇਆ ਉੱਥੇ ਆਪ (ਸ:) ਨੂੰ ਭੋਜਨ ਪਰੋਸਿਆ ਗਿਆ ਤਾਂ ਆਪ (ਸ:) ਨੇ ਉਸ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ, ਫਿਰ ਜ਼ੈਦ ਨੂੰ ਕਿਹਾ ਕਿ ਮੈਂ ਅਜਿਹੀ ਕੋਈ ਵੀ ਚੀਜ਼ ਨਹੀਂ ਖਾਂਦਾ ਜੋ ਤੁਸੀਂ ਆਪਣੇ ਬੁਤਾਂ ਆਦਿ ਦੇ ਥਾਣ ’ਤੇ ਜ਼ਿਬਹ ਕਰਦੇ ਹੋ। ਜ਼ੈਦ ਬਿਨ ਉਮਰ ਕੁਰੈਸ਼ ਨੂੰ ਕਿਹਾ ਕਰਦੇ ਸੀ ਕਿ ਅੱਲਾਹ ਹੀ ਤਾਂ ਹੈ ਜਿਸ ਨੇ ਜਾਨਵਰਾਂ ਨੂੰ ਪੈਦਾ ਕੀਤਾ ਅਕਾਸ਼ ਤੋਂ ਪਾਣੀ ਉਤਾਰਿਆ ਅਤੇ ਧਰਤੀ ਵਿੱਚੋਂ ਚਾਰਾਹ ਉਗਾਇਆ ਫਿਰ ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੇ ਨਾਂ ’ਤੇ ਜਾਨਵਰ ਕਿਓਂ ਜ਼ਿਬਹ ਕਰਦੇ ਹੋ। (ਸਹੀ ਬੁਖ਼ਾਰੀ, ਹਦੀਸ: 3826)
1ਇਸ ਵਿਚ ਦੱਸਿਆਂ ਗਿਆ ਹੈ ਕਿ ਜਿਹੜਾ ਵੀ ਕੰਮ ਕੇਵਲ ਅੱਲਾਹ ਦੀ ਰਜ਼ਾ ਲਈ ਕੀਤਾ ਜਾਂਦਾ ਹੈ ਉਹੀਓ ਅਮਲ ਮੁਕਤੀ ਦਾ ਕਾਰਨ ਬਣਦਾ ਹੈ ਅਤੇ ਇਸ ਵਿਚ ਇਖ਼ਲਾਸ ਦੀ ਮਹੱਤਤਾ ਵੀ ਦੱਸੀ ਗਈ ਹੈ (1) ਅੱਲਾਹ ਦੇ ਰਸੂਲ (ਸ:) ਰਾਤ ਨੂੰ ਇੰਨੀ ਲੰਮੀ ਨਮਾਜ਼ ਪੜ੍ਹਿਆ ਕਰਦੇ ਸੀ ਕਿ ਪੈਰਾਂ ’ਤੇ ਸੋਜਾ ਆ ਜਾਂਦਾ। ਜਦੋਂ ਆਪ ਜੀ ਨੂੰ ਕਿਹਾ ਜਾਂਦਾ ਕਿ ਤੁਸੀਂ ਇੰਨਾ ਕਸ਼ਟ ਕਿਓਂ ਉਠਾਉਂਦੇ ਹੋ ਤਾਂ ਆਖਦੇ “ਕੀ ਮੈਂ ਅੱਲਾਹ ਦਾ ਧੰਨਵਾਦੀ ਨਾ ਬਣਾ? ” (ਸਹੀ ਬੁਖ਼ਾਰੀ, ਹਦੀਸ: 6471) * ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਭਲੇ ਕੰਮ ਸਹੀ ਤਰੀਕੇ ਨਾਲ, ਇਖ਼ਲਾਸ ਨਾਲ ਕਰਦੇ ਰਹੋ ਅਤੇ ਹੋਂਦ ਨਾ ਵਧੋ ਸਗੋਂ ਵਿਚਕਾਰ ਵਾਲੀ ਰਾਹ ਅਪਣਾਓ ਅਤੇ ਖ਼ੁਸ਼ ਰਹੋ (ਅੱਲਾਹ ਦੀ ਰਹਿਮਤ ਤੋਂ ਬੇ-ਆਸ ਨਾ ਹੋਵੋ) ਕਿਉਂ ਜੋ ਕੇਵਲ ਨੇਕ ਕੰਮ ਹੀ ਕਿਸੇ ਨੂੰ ਜੰਨਤ ਵਿਚ ਨਹੀਂ ਲੈਕੇ ਜਾਣਗੇ। ਆਪ ਜੀ (ਸ:) ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਵੀ ਅਮਲਾਂ ਦੇ ਸਦਕੇ ਜੰਨਤ ਵਿਚ ਨਹੀਂ ਜਾਓਗੇ? ਆਪ ਨੇ ਫ਼ਰਮਾਇਆ ਹਾਂ ਮੈਂ ਵੀ ਪਰ ਇਹ ਗੱਲ ਵੀ ਹੈ ਕਿ ਅੱਲਾਹ ਮੈਨੂੰ ਆਪਣੀ ਬਖ਼ਸ਼ਿਸ਼ ਅਤੇ ਮਿਹਰਾਂ ਦੀ ਛਤਰ-ਛਾਇਆ ਹੇਠ ਵੀ ਲੈ ਲਵੇ। (ਸਹੀ ਬੁਖ਼ਾਰੀ, ਹਦੀਸ: 6467) * ਹਦੀਸ ਵਿੱਚ ਹੈ ਕਿ ਨਬੀ (ਸ:) ਨੇ ਫ਼ਰਮਾਇਆ ਕਿ ਜੇ ਮੇਰੇ ਕੋਲ ੳਹਦ ਦੇ ਪਹਾੜ ਜਿੰਨਾ ਸੋਨਾ ਹੁੰਦਾ ਫਿਰ ਵੀ ਮੈਂ ਇਸ ਗਲ ’ਤੇ ਖ਼ੁਸ਼ ਹੋਵਾਂਗਾ ਕਿ ਲਗਾਤਾਰ ਤਿੰਨ ਰਾਤਾਂ ਬੀਤਣ ਤੋਂ ਪਹਿਲਾਂ ਇਕ ਕਣ ਵੀ ਮੇਰੇ ਕੋਲ ਨਾ ਰਹੇ। ਹਾਂ! ਜੇ ਕਿਸੇ ਦਾ ਕਰਜ਼ ਅਦਾ ਕਰਨ ਲਈ ਰੱਖ ਲਵਾਂ ਤਾਂ ਵੱਖਰੀ ਗੱਲ ਹੈ। (ਸਹੀ ਬੁਖ਼ਾਰੀ, ਹਦੀਸ: 6445)
* ਅੱਲਾਹ ਦੇ ਰਸੂਲ ਨੇ ਫ਼ਰਮਾਇਆ ਇਕ ਪਿਆਸਾ ਕੁੱਤਾ ਖੂਹ ਦੇ ਆਲੇ-ਦੁਆਲੇ ਚੱਕਰ ਲਗਾ ਰਿਹਾ ਸੀ ਪਿਆਸ ਕਾਰਨ ਉਸ ਦਾ ਦਮ ਨਿਕਲਣ ਵਾਲਾ ਹੀ ਸੀ ਕਿ ਬਨੀ ਇਸਰਾਈਲ ਦੀ ਇਕ ਬਦਕਾਰ ਔੌਰਤ ਦੀ ਉਸ ’ਤੇ ਨਿਗਾਹ ਪੈ ਗਈ ਤਾਂ ਉਸ ਨੇ ਆਪਣੀ ਜੁਤੀ ਉਤਾਰੀ ਅਤੇ ਉਸ ਵਿਚ ਪਾਣੀ ਭਰ ਕੇ ਕੁੱਤੇ ਨੂੰ ਪਿਆ ਦਿੱਤਾ ਅੱਲਾਹ ਨੇ ਇਸੇ ਕਾਰਨ ਉਸ ਦੀ ਬਖ਼ਸ਼ਿਸ਼ ਕਰ ਦਿੱਤੀ। (ਸਹੀ ਬੁਖ਼ਾਰੀ, ਹਦੀਸ: 3467)