1 ਇਸ ਵਿਚ ਉਸ ਘਟਨਾ ਦੀ ਚਰਚਾ ਕੀਤੀ ਗਈ ਹੈ ਜਦੋਂ ਹਜ਼ਰਤ ਇਬਰਾਹੀਮ ਨੇ ਅੱਲਾਹ ਦੇ ਹੁਕਮ ਨਾਲ ਆਪਣੀ ਪਤਨੀ ਸਨੇ ਆਪਣੇ ਦੁੱਧ ਪੀਂਦੇ ਬੱਚੇ ਇਸਮਾਈਲ ਨੂੰ ਇਕ ਵਿਰਾਨੇ ਵਿਚ ਛੱਡ ਆਏ ਸੀ। ਇਕ ਵਿਸਥਾਰਪੂਰਵਕ ਹਦੀਸ ਦੀ ਚਰਚਾ ਕਰਦੇ ਹੋਏ ਇਬਨੇ ਅੱਬਾਸ ਫ਼ਰਮਾਉਂਦੇ ਹਨ ਕਿ ਜਦੋਂ ਹਜ਼ਰਤ ਇਬਰਾਹੀਮ ਨੇ ਇਸਮਾਈਲ ਅਤੇ ਉਹਨਾਂ ਦੀ ਮਾਤਾ ਜਿਹੜੀ ਅਜੇ ਇਸਮਾਈਲ ਨੂੰ ਆਪਣਾ ਦੁੱਧ ਪਿਆਉਂਦੀ ਸੀ ਖ਼ਾਨਾ ਕਾਅਬਾ ਦੇ ਨੇੜੇ ਜ਼ਮਜ਼ਮ ਦੇ ਕੋਲ ਆਬਾਦ ਕੀਤਾ ਅਤੇ ਉਹਨਾਂ ਦੋਨਾਂ ਦੇ ਕੋਲ ਇਕ ਥੈਲੇ ਵਿਚ ਖ਼ਜੂਰਾਂ ਅਤੇ ਮਸ਼ਕ ਵਿਚ ਪਾਣੀ ਰੱਖ ਦਿੱਤਾ ਉਸ ਸਮੇਂ ਉਸ ਮੱਕੇ ਵਿਚ ਕੋਈ ਮਨੁੱਖੀ ਆਬਾਦੀ ਨਹੀਂ ਸੀ ਅਤੇ ਨਾ ਹੀ ਪਾਣੀ ਸੀ। ਜਦੋਂ ਹਜ਼ਰਤ ਇਬਰਾਹੀਮ ਉਨ੍ਹਾਂ ਦੋਹਾਂ ਨੂੰ ਛੱਡ ਕੇ ਮੁੜਨ ਲੱਗੇ ਤਾਂ ਇਸਮਾਈਲ ਦੀ ਮਾਤਾ ਨੇ ਉਨ੍ਹਾਂ ਨੂੰ ਆਖਿਆ ਕਿ ਹੇ ਇਬਰਾਹੀਮ ਤੁਸੀਂ ਸਾਨੂੰ ਇਕ ਐਸੀ ਬਸਤੀ ਵਿਚ ਛੱਡ ਕੇ ਜਾ ਰਹੇ ਹੋ ਜਿੱਥੇ ਨਾ ਕੋਈ ਮਨੁੱਖ ਹੈ ਅਤੇ ਨਾ ਹੀ ਕੋਈ ਹੋਰ ਚੀਜ਼। ਇਬਰਾਹੀਮ ਨੇ ਜਵਾਬ ਦਿੱਤਾ ਕਿ ਅੱਲਾਹ ਨੇ ਮੈਨੂੰ ਇਹੋ ਹੁਕਮ ਦਿੱਤਾ ਹੈ। ਜਦੋਂ ਇਹ ਖ਼ਜੂਰਾਂ ਤੇ ਪਾਣੀ ਮੁੱਕ ਗਿਆ ਤਾਂ ਬੀਬੀ ਹਾਜਰਾ ਪਾਣੀ ਦੀ ਭਾਲ ਵਿਚ ਸਫ਼ਾ ਤੇ ਮਰਵਾ ਵਿਚ ਬੇਚੇਨੀ ਨਾਲ ਚੱਕਰ ਲਾਉਣ ਲੱਗ ਪਈਆਂ ਤਾਂ ਜੋ ਪਾਣੀ ਆਦਿ ਮਿਲ ਸਕੇ। ਅੰਤ ਅੱਲਾਹ ਦੇ ਹੁਕਮ ਨਾਲ ਇਕ ਫ਼ਰਿਸ਼ਤੇ ਨੇ ਉਸ ਥਾਂ ਆਪਣੀ ਅੱਡੀ ਜਾਂ ਪੈਰ ਮਾਰਿਆ ਜਿਸ ਤੋਂ ਜ਼ਮਜ਼ਮ ਦਾ ਸੋਮਾ ਫੁੱਟ ਪਿਆ। ਇਸੇ ਪਾਣੀ ਕਾਰਨ ਉੱਥੇ ਇਕ ਕਬੀਲਾ ਵੀ ਆਬਾਦ ਹੋਇਆ ਅਤੇ ਇਸੇ ਕਬੀਲੇ ਦੀ ਦੋ ਲੜਕੀਆਂ ਨਾਲ ਇਕ ਤੋਂ ਬਾਅਦ ਦੂਜੀ ਨਾਲ ਹਜ਼ਰਤ ਇਸਮਾਈਲ ਨੇ ਵਿਵਾਹ ਕੀਤਾ। ਕੁਝ ਸਮੇਂ ਬਾਅਦ ਹਜ਼ਰਤ ਇਬਰਾਹੀਮ ਉਨ੍ਹਾਂ ਦੀ ਖ਼ਬਰ ਲੈਣ ਲਈ ਆਏ ਫੇਰ ਦੋਵੇਂ ਪਿਓ ਪੁੱਤਰ ਨੇ ਖ਼ਾਨਾ ਕਾਅਬਾ ਦੀ ਉਸਾਰੀ ਸ਼ੁਰੂ ਕੀਤੀ। ਹਜ਼ਰਤ ਇਸਮਾਈਲ ਪੱਥਰ ਚੁੱਕ ਕੇ ਲਿਆਉਂਦੇ ਸੀ ਅਤੇ ਹਜ਼ਰਤ ਇਬਰਾਹੀਮ ਉਸਾਰੀ ਕਰਦੇ ਸੀ। ਅਤੇ ਦੋਵੇਂ ਅੱਲਾਹ ਤੋਂ ਇਹ ਅਰਦਾਸ ਕਰਦੇ ਸੀ ਕਿ ਹੇ ਸਾਡੇ ਰੱਬਾ ਸਾਡੀ ਇਹ ਸੇਵਾ ਕਬੂਲ ਕਰ ਬੇਸ਼ੱਕ ਤੂੰ ਹੀ ਸੁਨਣ ਵਾਲਾ ਤੇ ਜਾਨਣ ਵਾਲਾ ਹੈ। (ਸੂਰਤ ਅਲ-ਬਕਰਹ : 127/2) ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਦੋਨੋਂ ਇਬਰਾਹੀਮ ਅਤੇ ਇਸਮਾਈਲ ਅੱਲਾਹ ਦੇ ਘਰ ਦੀ ਉਸਾਰੀ ਕਰਦੇ ਰਹੇ ਅਤੇ ਉਸ ਦੇ ਆਲੇ ਦੁਆਲੇ ਤਵਾਫ਼ ਕਰਦੇ ਹੋਏ ਇਹੀ ਦੁਆ ਕਰਦੇ ਸੀ। (ਸਹੀ ਬੁਖ਼ਾਰੀ, ਹਦੀਸ: 3364)