1 ਇਕ ਤਾਂ ਇਸ ਦਾ ਅਰਥ ਇਹ ਹੈ ਕਿ ਅੱਲਾਹ ਨੂੰ ਛੱਡ ਕੇ ਉਹਦੇ ਬੰਦਿਆਂ ਨੂੰ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਲਾ ਸਮਝਣਾ ਅਤੇ ਦੂਜਾ ਭਾਵ ਇਹ ਹੈ ਕਿ ਦੀਨ ਵਿਚ ਇਸ ਨੂੰ ਜਾਇਜ਼ ਸਮਝ ਲਿਆ ਗਿਆ ਜਿਸ ਨੂੰ ਉਹਨਾਂ ਨੇ ਹਲਾਲ ਕਿਹਾ ਉਸੇ ਨੂੰ ਹਲਾਲ ਅਤੇ ਜਿਸ ਨੂੰ ਹਰਾਮ ਕਿਹਾ ਗਿਆ ਉਸ ਨੂੰ ਹਰਾਮ ਸਮਝ ਲਿਆ ਗਿਆ, ਜਿਵੇਂ ਅੱਲਾਹ ਨੇ ਸੂਰਤ ਤੌਬਾ (31/9) ਵਿਚ ਫ਼ਰਮਾਇਆ ਹੈ ਕਿ ਇਹਨਾਂ ਯਹੂਦੀ ਤੇ ਈਸਾਈਆਂ ਨੇ ਆਪਣੇ ਆਲਮਾਂ ਤੇ ਆਗੂਆਂ ਨੂੰ ਆਪਣਾ ਰੱਬ ਬਣਾ ਲਿਆ ਹੈ। ਲੋਕੀ ਉਹਨਾਂ ਲੋਕਾਂ ਦੀ ਪੈਰਵੀ ਕਰਦੇ ਹਨ ਜਿਨ੍ਹਾਂ ਨੂੰ ਅੱਲਾਹ ਦੇ ਹੁਕਮਾਂ ਤੋਂ ਬਿਨਾਂ ਆਪਣੀਆਂ ਇੱਛਾਵਾਂ ਦੇ ਅਨੁਸਾਰ ਹਰਾਮ ਹਲਾਲ ਬਣਾ ਲਿਆ ਹੈ ਅਤੇ ਮਰੀਅਮ ਦੇ ਪੁੱਤਰ ਮਸੀਹ ਨੂੰ ਵੀ ਉਹਨਾਂ ਨੇ ਆਪਣਾ ਰੱਬ ਬਣਾ ਲਿਆ ਜਦ ਕਿ ਉਹਨਾਂ ਦੋਵਾਂ ਨੂੰ ਤੌਰੈਤ ਅਤੇ ਇੰਜੀਲ ਵਿਚ ਇਕ ਸੱਚੇ ਇਸ਼ਟ ਤੋਂ ਛੁੱਟ ਹੋਰ ਕਿਸੇ ਦੀ ਉਪਾਸਨਾ ਦਾ ਹੁਕਮ ਨਹੀਂ ਦਿੱਤਾ ਗਿਆ ਸੀ। ਉਹ ਅੱਲਾਹ ਜਿਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਉਹ ਉਹਨਾਂ ਦੀਆਂ ਮੁਸ਼ਰਿਕਾਨਾਂ ਗੱਲਾਂ ਤੋਂ ਪਾਕ ਹੈ।
2 ਇਸ ਆਇਤ ਵਿਚ ਉਹਨਾਂ ਲੋਕਾਂ ਦੀ ਚਰਚਾ ਕੀਤੀ ਗਈ ਹੈ ਜਿਹੜੇ ਆਪਣੇ ਮਨ ਤੋਂ ਗੱਲਾਂ ਘੜ੍ਹ ਲੈਂਦੇ ਹਨ ਅਤੇ ਆਪਣੀ ਸਮਝ ਵਿਚ ਉਹਨਾਂ ਨੂੰ ਠੀਕ ਸਮਝਦੇ ਹਨ, ਜਿਵੇਂ ਬਿਦਅਤੀ ਆਦਿ ਪਰ ਅੱਲਾਹ ਨੇ ਫ਼ਰਮਾਇਆ “ਉਹਨਾਂ ਦੇ ਸਾਰੇ ਕੀਤੇ ਹੋਏ ਕਰਮ ਬਰਬਾਦ ਹਨ” ਨੇਕ ਕੰਮਾਂ ਦੀ ਸਵੀਕਿਰਤੀ ਲਈ ਦੋ ਗੱਲਾਂ ਦਾ ਹੋਣਾ ਅਤਿ ਜ਼ਰੂਰੀ ਹੈ ਇਕ ਤਾਂ ਇਹ ਕਿ ਉਹ ਕੇਵਲ ਅੱਲਾਹ ਨੂੰ ਖ਼ੁਸ਼ ਕਰਨ ਲਈ ਹੀ ਕੀਤੇ ਜਾਣ ਨਾ ਕਿ ਲੋਕ ਵਿਖਾਵੇ ਲਈ ਦੂਜੀ ਗੱਲ ਕਿ ਉਹ ਸਾਰੇ ਕੰਮ ਅੱਲਾਹ ਦੇ ਰਸੂਲ (ਸ:) ਦੇ ਤਰੀਕੇ ਅਨੁਸਾਰ ਹੋਣ। ਇਸੇ ਲਈ ਬਿਦਅਤ ਦੇ ਸੰਬੰਧ ਵਿਚ ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੈ “ਜਿਸ ਨੇ ਵੀ ਸਾਡੇ ਦੀਨ ਵਿਚ ਕੋਈ ਨਵੀ ਗੱਲ (ਬਿਦਅਤ) ਘੜੀ ਜਿਸ ਦੀ ਦਲੀਲ ਦੀਨ ਵਿਚ ਨਾ ਹੋਵੇ ਤਾਂ ਉਹ ਮਰਦੂਦ (ਬਰਬਾਦ) ਹੈ”। (ਸਹੀ ਬੁਖ਼ਾਰੀ, ਹਦੀਸ: 2697)