1 ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਇਕ ਅੱਲਾਹ ਤੋਂ ਛੁੱਟ ਹੋਰ ਕਿਸੇ ਦੀ ਇਬਾਦਤ ਜਾਇਜ਼ ਨਹੀਂ, ਜਿਹੜੇ ਕਿਸੇ ਹੋਰ ਦੀ ਇਬਾਦਤ ਕਰੇਗਾ ਤਾਂ ਉਹ ਅੱਲਾਹ ਦੇ ਅਜ਼ਾਬ ਦਾ ਹੱਕਦਾਰ ਹੋਵੇਗਾ ਨਹੀਂ ਤਾਂ ਅੱਲਾਹ ਇੰਨਾ ਮਿਹਰਬਾਨ ਹੈ ਕਿ ਉਹ ਆਪਣੇ ਬੰਦਿਆਂ ਨੂੰ ਅਜ਼ਾਬ ਦੇਣਾ ਪਸੰਦ ਹੀ ਨਹੀਂ ਕਰਦਾ। ਇਕ ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ “ਹੇ ਮਆਜ਼! ਕੀ ਤੂੰ ਜਾਣਦਾ ਹੈ ਕਿ ਅੱਲਾਹ ਦਾ ਬੰਦਿਆਂ ਉੱਤੇ ਕੀ ਹੱਕ ਹੈ ? ਮਆਜ਼ ਨੇ ਕਿਹਾ ਕਿ ਅੱਲਾਹ ਅਤੇ ਉਸ ਦਾ ਰਸੂਲ ਵੱਧ ਜਾਣਦਾ ਹੈ” ਆਪ (ਸ:) ਨੇ ਫ਼ਰਮਾਇਆ ਕਿ ਉਹ ਹੱਕ ਇਹ ਹੈ ਕਿ ਉਹ ਉਸ ਦੀ ਇਬਾਦਤ ਕਰਨ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਨਾ ਬਣਾਉਣ। ਫੇਰ ਆਪ (ਸ:) ਨੇ ਫ਼ਰਮਾਇਆ ਕੀ ਤੂੰ ਜਾਣਦਾ ਹੈ ਕਿ ਬੰਦਿਆਂ ਦਾ ਅੱਲਾਹ ਉੱਤੇ ਕੀ ਹੱਕ ਹੈ? ਹਜ਼ਰਤ ਮਆਜ਼ ਰ:ਅ ਨੇ ਬੇਨਤੀ ਕੀਤੀ ਕਿ ਅੱਲਾਹ ਅਤੇ ਉਸ ਦਾ ਰਸੂਲ ਹੀ ਵੱਧ ਜਾਣਦੇ ਹਨ “ਨਬੀ ਕਰੀਮ (ਸ:) ਨੇ ਫ਼ਰਮਾਇਆ, ਉਹ ਇਹ ਹੈ ਕਿ ਉਹਨਾਂ ਬੰਦਿਆਂ ਨੂੰ ਅਜ਼ਾਬ ਨਾ ਦੇਵੇ। (ਸਹੀ ਬੁਖ਼ਾਰੀ, ਹਦੀਸ: 7373)