1 ਇਸ ਸੂਰਤ ਵਿਚ ਅੱਲਾਹ ਨੇ ਇਸਰਾ, ਭਾਵ ਖ਼ਾਨਾ-ਕਾਅਬਾ ਤੋਂ ਬੈਤੁਲ ਮੁਕੱਦਸ ਤੱਕ ਮੁਹੰਮਦ (ਸ:) ਨੂੰ ਇਕ ਰਾਤ ਦੇ ਕੁੱਝ ਹਿੱਸੇ ਵਿਚ ਲੈ ਜਾਣ ਦੀ ਚਰਚਾ ਕੀਤੀ ਹੈ ਅਤੇ ਮਿਅਰਾਜ ਭਾਵ ਅਕਾਸ਼ਾਂ ਦੇ ਉੱਪਰ ਲੈਕੇ ਜਾਣ ਦੀ ਚਰਚਾ ਸੂਰਤ ਨਜਮ 53 ਵਿਚ ਕੀਤੀ ਗਈ ਹੈ। ਇਹ ਮਿਅਰਾਜ ਦੀ ਪੂਰੀ ਯਾਤਰਾ ਅੱਲਾਹ ਦਾ ਵੱਡਮੁੱਲਾ ਮੁਅਜਜ਼ਾ (ਚਮਤਕਾਰ) ਹੈ। ਮੁਅਜਜ਼ਾ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਕੇਵਲ ਅੱਲਾਹ ਦੀ ਕੁਦਰਤ ਵੱਲੋਂ ਹੀ ਪ੍ਰਗਟ ਹੰਦਾ ਹੈ, ਨਬੀ ਦੀ ਕੁੱਝ ਵੀ ਇੱਛਾ ਇਸ ਵਿਚ ਉੱਕਾ ਹੀ ਨਹੀਂ ਹੁੰਦੀ। ਇਸ ਲਈ ਇਸ ਘਟਨਾ ਨੂੰ ਰੂਹਾਨੀ ਸੈਰ ਜਾਂ ਸੁਪਨਾ ਆਖਣਾ ਉੱਕਾ ਹੀ ਗ਼ਲਤ ਹੈ। ਆਪ (ਸ:) ਨੂੰ ਮਿਅਰਾਜ ਜਾਗਣ ਦੀ ਹਾਲਤ ਵਿਚ ਹੀ ਕਰਾਈ ਗਈ ਸੀ। ਇਹ ਸੁਪਨਾ ਆਦਿ ਨਹੀਂ ਸੀ ਜੇ ਇੰਜ ਹੁੰਦਾ ਤਾਂ ਕਾਫ਼ਿਰਾਂ ਨੂੰ ਇਸ ਨੂੰ ਝੁਠਲਾਉਣ ਦੀ ਕੀ ਲੋੜ ਪਈ ਸੀ? ਪਰ ਕਾਫ਼ਿਰਾਂ ਨੇ ਇਸ ਨੂੰ ਝੁਠਲਾਇਆ ਅਤੇ ਨਬੀ (ਸ:) ਨੂੰ ਉਹਨਾਂ ਦੇ ਤੀਖੇ ਸਵਾਲਾ ਨੂੰ ਬਰਦਾਸ਼ਤ ਕਰਨਾ ਪਿਆ। ਜੇ ਇਹ ਸੁਪਣਾ ਹੰਦਾ ਤਾਂ ਨਬੀ (ਸ:) ਆਸਾਨੀ ਨਾਲ ਇਹ ਕਹਿ ਕੇ ਪਿੱਛਾ ਛੁੜਾ ਸਕਦੇ ਸੀ ਕਿ ਮੈਂ ਤਾਂ ਆਪਣਾ ਸੁਪਨਾ ਦੱਸ ਰਿਹਾ ਹਾਂ ਤੁਸੀਂ ਮੈਥੋਂ ਇਹ ਸਵਾਲ ਕਿਉਂ ਕਰ ਰਹੇ ਹੋ ? ਪਰ ਆਪ (ਸ:) ਨੇ ਇਹ ਨਹੀਂ ਕਿਹਾ ਸਗੋਂ ਜਵਾਬ ਦੇਣ ਵਿਚ ਅੜੀਕਾ ਲੱਗ ਰਿਹਾ ਸੀ ਜਿਸ ਕਰਕੇ ਅੱਲਾਹ ਨੇ ਬੇਤੁਲ ਮੁਕੱਦਸ ਨੂੰ ਹੀ ਆਪ ਜੀ ਦੇ ਸਾਹਮਣੇ ਕਰ ਦਿੱਤਾ। ਜਿਵੇਂ ਹਦੀਸ ਵਿਚ ਹੈ ਜਦੋਂ ਕੁਰੈਸ਼ ਨੇ ਮੈਨੂੰ ਝੁਠਲਾਇਆ ਤਾਂ ਮੈਂ ਹਤੀਮ (ਇਕ ਥਾਂ ਦਾ ਨਾਂ) ਵਿਚ ਖੜ੍ਹਾ ਹੋ ਗਿਆ ਤਾਂ ਅੱਲਾਹ ਨੇ ਬੈਤੁਲ ਮੁਕੱਦਸ ਮੇਰੇ ਅੱਗੇ ਕਰ ਦਿੱਤਾ ਮੈਂ ਉਹਨਾਂ ਕੁਰੈਸ਼ੀਆਂ ਨੂੰ ਉਸ ਦੀ ਨਿਸ਼ਾਨੀਆਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੈਂ ਉਸ ਦੇ ਵੱਲ ਵੇਖ ਰਿਹਾ ਸੀ। (ਸਹੀ ਬੁਖ਼ਾਰੀ, ਹਦੀਸ: 3886)