1 ਇਹ ਗੱਲ .ਕੁਰਆਨ ਪਾਕ ਦੇ ਸੰਬੰਧ ਵਿਚ ਹੈ ਜਿਹੜਾ ਨਬੀ (ਸ:) ਦਾ ਮੁਅਜਜ਼ਾ ਕਿਆਮਤ ਤਕ ਬਾਕੀ ਰਹਿਣ ਵਾਲਾ ਹੈ। ਜਿਵੇਂ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਮੈਥੋਂ ਪਹਿਲਾਂ ਕੋਈ ਵੀ ਪੈਗ਼ੰਬਰ ਅਜਿਹਾ ਨਹੀਂ ਆਇਆ ਜਿਸ ਨੂੰ ਮੁਅਜਜ਼ੇ ਨਾ ਦਿੱਤੇ ਗਏ ਹੋਣ। ਜਿਸ ਕਾਰਨ ਲੋਕੀ ਉਹਨਾਂ ’ਤੇ ਈਮਾਨ ਲਿਆਏ ਪਰ ਮੇਰੇ ਉੱਤੇ ਵਹੀ ਉਤਾਰੀ ਗਈ ਉਹ ਆਪਣੇ ਆਪ ਵਿਚ ਹੀ ਇਕ ਮੁਅਜਜ਼ਾ ਹੈ। ਸੋ ਮੈਂ ਆਸ ਕਰਦਾ ਹਾਂ ਕਿ ਕਿਆਮਤ ਦਿਹਾੜੇ ਮੇਰੀ ਉੱਮਤ ਸਾਰੀਆਂ ਉੱਮਤਾਂ ਤੋਂ ਗਿਣਤੀ ਵਿਚ ਵੱਧ ਹੋਵੇਗੀ। (ਸਹੀ ਬੁਖ਼ਾਰੀ, ਹਦੀਸ: 7274) ● ਸੋ ਇਸੇ ਲਈ ਨਬੀ (ਸ:) ਦੀ ਰਸਾਲਤ ਉੱਤੇ ਈਮਾਨ ਲਿਆਉਣਾ ਜ਼ਰੂਰੀ ਹੈ। ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਉਸ ਅੱਲਾਹ ਦੀ ਕਸਮ ਜਿਸ ਦੇ ਹੱਥ ਵਿਚ ਮੁਹੰਮਦ ਦੀ ਜਾਨ ਹੈ, ਜਿਹੜਾ ਕੋਈ ਯਹੂਦੀ ਜਾਂ ਈਸਾਈ ਮੇਰੇ ਬਾਰੇ ਸੁਣੇ ਅਤੇ ਉਸ ਪੈਗ਼ਾਮ ਨੂੰ ਜਿਹੜਾ ਮੈਂ ਲਿਆਇਆ ਹਾਂ ਉਸ ’ਤੇ ਈਮਾਨ ਲਿਆਏ ਬਿਨਾਂ ਮਰ ਜਾਵੇ ਉਹ ਨਰਕੀ ਹੈ। (ਸਹੀ ਮੁਸਲਿਮ, ਹਦੀਸ: 153)